Dr. Hardyal Singh Sikri M.A.B.H (Printed in 1941) ਫੁੱਟਦੇ ਸੋਮੇ ਡਾ. ਹਰਦਿਆਲ ਸਿੰਘ ਸੀਕਰੀ ਐਮ ਏ ਬੀ ਐਚ ਪਹਿਲੀ ਵਾਰ ੧੯੪੧ ਮੈਂ ਕਿੱਨੀ ਵਾਰੀ ਭਾਲੇ ਮੈਂ ਕਿੱਨੀ ਵਾਰੀ ਭਾਲੇ, ਮੈਂ ਭਾਲੇ ਕਿੱਨੀ ਵਾਰ, ਭੁੱਲ ਭਲਾਈਆਂ ਵਾਲੇ ਕੋਈ ਰਸਤੇ ਗੁੰਝਲਦਾਰ; ਸ਼ੈਦ ਕਿਤੇ ਫਸ ਜਾਵਾਂ, ਕਿਸੇ ਤਾਣੀ ਅੰਦਰ ਗੁੰਮਾਂ, ਦੂਰ ਕਿਤੇ ਧਸ ਜਾਵਾਂ ਅਰ ਮੁੜ ਕੇ ਫੇਰ ਨ ਘੁੰਮਾਂ। ਕੀ ਕਰੀਏ ਖੁਲ੍ਹ ਜਾਂਦੇ ਫਿਰ ਗੁੰਝਲ ਵਾਲੇ ਫਸਤੇ, ਅਰ ਮੁੜ ਕੇ ਨਜ਼ਰੀਂ ਆਂਦੇ ਕੋਈ ਦੇਖੇ ਭਾਲੇ ਰਸਤੇ। ਜਿਹੜਾ ਆਵੇ, ਬੈਂਤ ਸਲਾਹਵੇ ਜਿਹੜਾ ਆਵੇ, ਬੈਂਤ ਸਲਾਹਵੇ, ਰਹੇ ਸਦਾ ਜੋ ਨਿਉਂਦਾ, ਝੱਖੜ ਜਿਸ ਦਮ ਕਹਿਰਾਂ ਵਾਲਾ ਆਪੇ ਵਿਚ ਨ ਮਿਉਂਦਾ। ਬੂਟੇ ਟੁੱਟਣ, ਫੁੱਲ ਵੀ ਟੁੱਟਣ, ਜੰਗਲ ਹੋਵੇ ਸੁੰਞਾ, ਆਸੇ ਪਾਸੇ ਮੋਇਆਂ ਅੰਦਰ, ਬੈਂਤ ਰਹੇ ਪਰ ਜਿਉਂਦਾ। ਐਪਰ ਮੈਂ ਬਲਿਹਾਰੀ ਜਾਵਾਂ ਸਿਰੜੀ ਵਾਂਸ ਦੇ ਡੰਡੇ, ਝੱਖੜ ਆਇਆ ਕਹਿਰਾਂ ਵਾਲਾ ਉੱਚੇ ਰੱਖੇ ਝੰਡੇ; ਬੈਂਤ ਵਾਂਗ ਨ ਲਿਫ਼ ਲਿਫ਼ ਨਿਉਂ ਨਿਉਂ, ਅਪਣੀ ਜਾਨ ਬਚਾਈ, ਟੁੱਟ ਗਿਉਂ ਤੇ ਡਿੱਗੋਂ ਓੜਕ ਵਗਦੀ ਨੈਂ ਦੇ ਕੰਢੇ! ਜਾਂ ਤੇ ਮੇਰੀਓ ਅੱਖੀਓ ਜਾਂ ਤੇ ਮੇਰੀਓ ਅੱਖੀਓ! ਇਨ੍ਹਾਂ ਫੁੱਲਾਂ ਅੰਦਰ ਰਮ ਜਾਓ, ਫੁੱਲਾਂ ਨੂੰ ਰਮਾ ਲਓ, ਅਪਣੇ ਵਿਚ ਸਮਾ ਲਓ। ਇੱਕ ਮਿੱਠੀ ਨੀਂਦਰ ਆਵੇ, ਸੰਸਾਰ ਦੀ ਪੌਣ ਏਹ ਭਿੱਨੀ ਇੱਕ ਮਸਤੀ ਅੰਦਰ ਪਾਵੇ। ਜਾਂ ਫੇਰ ਮੇਰਿਓ ਨੈਣੋ ! ਕੰਡੇ ਵਿਚ ਵਸਾਓ ਸੰਸਾਰ ਦੀਆਂ ਚੋਭਾਂ ਅੰਦਰ ਇਕ ਚੋਭ ਰੂਪ ਬਣ ਜਾਓ, ਕਦੀ ਨ ਮੀਟੋ ਪਲਕਾਂ; ਤਿੱਖੀ ਪੌਣ ਦੇ ਅੰਦਰ ਜਾਗ ਕੇ ਰੈਣ ਵਿਹਾਓ।