Meri Ram Kahani

ਮੇਰੀ ਰਾਮ ਕਹਾਣੀ ਬਾਬਾ ਸੋਹਣ ਸਿੰਘ ਭਕਨਾ (ਰਾਜਵਿੰਦਰ ਸਿੰਘ ਰਾਹੀ ਦੁਆਰਾ) Meri Ram Kahani Baba Sohan Singh Bhakna (by Rajwinder Singh Rahi) ਬਾਬਾ ਸੋਹਣ ਸਿੰਘ ਭਕਨਾ ਜੀ ਨੇ ਆਪਣੀ ਜਿੰਦਗੀ ਦੀ ਸਾਰੀ ਹਕੀਕਤ ‘ਮੇਰੀ ਰਾਮ ਕਹਾਣੀ’ ਵਿਚ ਲਿਖੀ ਹੈ ਜਿਹੜੀ ਕਿ ਹੁਣ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰ ਕੇ ਛਾਪੀ ਹੈ। ਉਂਝ ਤੇ ਹਰੇਕ ਨੂੰ ਹੀ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਪਰ ਖ਼ਾਸ ਕਰਕੇ ਉਹ, ਜਿਹੜੇ ਜਿੰਦਗੀ ਵਿਚ ਕਦੇ ਨਾ ਕਦੇ ਕੁਝ ਗ਼ਲਤ, ਅਨੈਤਿਕ ਤੇ ਨਾਜਾਇਜ਼ ਕਰ ਬੈਠੇ ਹੋਣ ਤੇ ਹੁਣ ਦੜੇ ਬੈਠੇ ਹੋਣ ਕਿ ਜੇ ਸਮਾਜ, ਧਰਮ ਤੇ ਕੌਮ ਦੀ ਸੇਵਾ ਲਈ ਹੁਣ ਸਰਗਰਮ ਹੋਏ ਤਾਂ ਨਿੰਦਕ ਲੋਕ ਮਿਹਣੇ ਮਾਰਨਗੇ, ਉਹ ਸਾਰੇ ‘ਮੇਰੀ ਰਾਮ ਕਹਾਣੀ’ ਲਾਜ਼ਮੀ ਪੜ੍ਹਨ। ਇਹ ਕਿਤਾਬ ਜੇਲ੍ਹਾਂ ਵਿਚ ਇਖ਼ਲਾਕੀ ਕੈਦੀਆਂ ‘ਚ ਵੰਡਣਯੋਗ ਹੈ। ਬਾਬਾ ਜੀ ਨੇ ਆਪਣੀ ਜੀਵਨੀ ਲਿਖਣ ਵੇਲੇ ਸ਼ੁਰੂ ਵਿਚ ਈ ਲਿਖ ਦਿੱਤਾ ਕਿ “ਮੈਂ ਕੋਈ ਵੀ ਗੱਲ ਲੁਕਾਈ ਨਹੀਂ ਕਿਉਂਕਿ ਮੈਂ ਇਸ ਆਪਣੀ ਰਾਮ ਕਹਾਣੀ ਵਿਚ ਆਪਣੇ ਜੀਵਨ ਦੇ ਭਲੇ-ਬੁਰੇ ਸਾਰੇ ਅੰਗ ਹੂ-ਬ-ਹੂ ਲਿਖ ਦਿੱਤੇ ਹਨ, ਤਾਂ ਜੋ ਪਾਠਕ ਮੇਰੀਆਂ ਭੁੱਲਾਂ, ਊਣਤਾਈਆਂ ਤੇ ਭਲਿਆਈਆਂ ਤੋਂ ਪੂਰਾ ਲਾਭ ਉਠਾ ਸਕਣ।” ਅੱਗੇ ਲਿਖਤ ਵਿਚ ਬਾਬਾ ਜੀ ਦੱਸਦੇ ਹਨ ਕਿ ਕਿਵੇਂ ਅੱਲ੍ਹੜ ਉਮਰ ਵਿਚ ਉਹ ਸਦਾਚਾਰ ਤੋਂ ਡਿੱਗ ਪਏ ਤੇ ਬੇਹਯਾਈ ਨਾਲ ਸ਼ਰਾਬ ਪੀਣ ਲੱਗ ਪਏ। ਫੇਰ ਉਹ ਖਾਊ ਯਾਰ ਸਰਗਰਮ ਹੋਏ, ਜਿਹੜੇ ਹਰੇਕ ਅੱਲ੍ਹੜ ਉਮਰ ਵਿਚ ਤਿਲਕੇ ਬੰਦੇ ਨੂੰ ਹੋਰ ਕੁਰਾਹੇ ਪਾਉਣ ਲਈ ਮਿਲ ਹੀ ਜਾਂਦੇ ਹੁੰਦੇ ਨੇ। ਮਿੱਤਰ ਦੇ ਭੇਸ ਵਿਚ ਸਰਗਰਮ ਐਹੋ ਜਿਹੇ ਦੁਸ਼ਮਣ ਹਰੇਕ ਬੰਦੇ ਨੂੰ ਜਿੰਦਗੀ ਵਿਚ ਮਿਲ ਹੀ ਜਾਂਦੇ ਹੁੰਦੇ ਨੇ, ਜਿਹੋ ਜਿਹੇ ਬਾਬਾ ਜੀ ਨੂੰ ਟੱਕਰੇ ਜਿੰਨਾ ਨੇ ਖਰਮਸਤੀਆਂ ਦੇ ਰਾਹ ਤੋਰਕੇ ਬਾਬਾ ਜੀ ਨੂੰ ਨਿਆਣੀ ਉਮਰੇ ਹੀ ਕਰਜ਼ਾਈ ਕਰ ਦਿੱਤਾ। ਹਜ਼ਾਰਾਂ ਰੁਪਈਆਂ ਕਰਜ਼ਾ ਚੁੱਕ ਕੇ ਯਾਰਾਂ ਨੂੰ ਮੁਜਰੇ ਵਿਖਾਏ ਤੇ ਸ਼ਰਾਬਾਂ ਪੀਤੀਆਂ। ਪਿਤਾ ਹੈ ਨਹੀਂ ਸੀ ਤੇ ਮਾਤਾ ਜੀ ਨੇ ਦੋ-ਤਿੰਨ ਵਾਰ ਕਰਜ਼ਾ ਲਾਹਿਆ ਪਰ ਜਦ ਹੋਰ ਕਰਜ਼ਾ ਲਈ ਹੀ ਜਾਣਾ ਤਾਂ ਅੱਕ ਕੇ ਪਰਿਵਾਰ ਨੇ ਹਾਰ ਮੰਨ ਲਈ। ਬਥੇਰਾ ਸਮਝਾਇਆ ਪਰ ਕੌਣ ਸੁਣਦਾ ਹੈ? ਉਸ ਉਮਰ ਵਿਚ ਤਾਂ ਘਰਦੇ ਸਗੋਂ ਦੁਸ਼ਮਣ ਜਾਪਦੇ ਨੇ ਤੇ ਉਹ ਦੁਸ਼ਮਣ ਜਿਹੜੇ ਮਿੱਤਰ ਬਣ ਕੇ ਪੁੱਠੇ ਰਾਹ ਤੋਰਨ, ਸਹੀ ਜਾਪਦੇ ਹੁੰਦੇ ਹਨ। ਪਰ ਅਜੇ ਹੋਰ ਨਿਘਾਰ ਹੋਣਾ ਸੀ। ਬਾਬਾ ਜੀ ਇਕ ਫਕੀਰ ਦੇ ਜਾਲ਼ ਵਿਚ ਫਸ ਕੇ ਸ਼ਰਾਬ ਦੇ ਨਾਲ ਸ਼ਬਾਬ ਦੇ ਚੱਕਰ ਵਿਚ ਜਾ ਫਸੇ। ਬਾਬਾ ਜੀ ਨੇ ਅੰਮ੍ਰਿਤਸਰ ਵਿਚ ਕੰਜਰੀਆਂ ਦੇ ਟਿਕਾਣੇ ਤੇ ਹੋਈ ਬੀਤੀ ਸਾਰੀ ਦਾਸਤਾਨ ਦਰਜ਼ ਕੀਤੀ ਹੈ।